ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਜਲੰਧਰ ਨੂੰ ਢੁੱਕਵੀਂ ਜਗ੍ਹਾ ਦੀ ਸ਼ਨਾਖਤ ਕਰਨ ਲਈ ਕਿਹਾ
ਜਲੰਧਰ, 22 ਦਸੰਬਰ 2023-ਜਲਦ ਹੀ ਜਲੰਧਰ ਵਾਸੀ ਆਧੁਨਿਕ ਫੂਡ ਸਟ੍ਰੀਟ ਹੱਬ ਦਾ ਆਨੰਦ ਲੈ ਸਕਣਗੇ। ਪ੍ਰਸ਼ਾਸਨ ਨੇ ਜਲੰਧਰ ਵਿਖੇ ਆਧੁਨਿਕ ਫੂਡ ਸਟ੍ਰੀਟ ਹੱਬ ਦੀ ਸਥਾਪਨਾ ਲਈ ਢੁੱਕਵੀਂ ਥਾਂ ਦੀ ਸ਼ਨਾਖਤ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸ਼ੁੱਕਰਵਾਰ ਨੂੰ ਇਸ ਸਬੰਧੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਆਧੁਨਿਕ ਫੂਡ ਸਟ੍ਰੀਟ ਹੱਬ ਲਈ ਜਗ੍ਹਾ ਅਤੇ ਹੋਰ ਲਾਜ਼ਮੀ ਸਹੂਲਤਾਂ ਬਾਰੇ ਵਿਸਥਾਰਪੂਰਵਕ ਰਿਪੋਰਟ ਭੇਜਣ ਦੀਆਂ ਹਦਾਇਤਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਫੂਡ ਸਟ੍ਰੀਟ ਹੱਬ ਨੂੰ ਸਾਫ਼-ਸੁਥਰੇ, ਹਵਾਦਾਰ, ਗੈਰ-ਪ੍ਰਦੂਸ਼ਿਤ ਖੇਤਰ ਵਿੱਚ ਵਿਕਸਿਤ ਕੀਤਾ ਜਾਵੇਗਾ, ਜਿਸ ਨੂੰ ਨਗਰ ਨਿਗਮ ਵੱਲੋਂ ਇੱਕ ਅਧਿਕਾਰਤ ਵੈਂਡਿੰਗ ਜ਼ੋਨ/ਏਰੀਆ ਵਜੋਂ ਮਾਨਤਾ ਮਿਲੀ ਹੋਵੇ।
ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸਾਫ਼ ਪਾਣੀ, ਪਾਰਕਿੰਗ, ਲਾਈਟ, ਸੈਨੀਟੇਸ਼ਨ ਅਤੇ ਕੂੜੇ ਦੇ ਨਿਪਟਾਰੇ ਵਰਗੀਆਂ ਆਮ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਸਿਖਲਾਈ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਸਟ੍ਰੀਟ ਫੂਡ ਵਿਕਰੇਤਾ, ਹੈਲਪਰ ਨੂੰ ‘ਫੂਡ ਹਾਈਜੀਨ’ ਸਬੰਧੀ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਐਫ.ਐਸ.ਐਸ.ਏ.ਆਈ. ਤੋਂ ਲਾਇਸੈਂਸ ਪ੍ਰਾਪਤ ਕਰਨ ਅਤੇ ਰਜਿਸਟ੍ਰੇਸ਼ਨ ਲਈ ਸਹਾਇਤਾ ਵੀ ਦਿੱਤੀ ਜਾਵੇਗੀ।
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਨੇ ਕਿਹਾ ਕਿ ਆਧੁਨਿਕ ਫੂਡ ਸਟ੍ਰੀਟ ਹੱਬ ਲਈ ਢੁੱਕਵੀਂ ਥਾਂ ਦੀ ਸ਼ਨਾਖਤ ਲਈ ਪਹਿਲਾਂ ਹੀ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਜਾਵੇਗੀ।