ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਪਣੇ ਆਪ ਹੀ ਇਸ ਨੋਟੀਫਿਕੇਸ਼ਨ ਦੀ ਭਾਵਨਾ ਦੇ ਬਿਲਕੁਲ ਉਲਟ ਅਤੇ ਹੈਰਾਨੀਜਨਕ-ਧਾਮੀ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ ਰਾਜੋਅਣਾ ਬਾਰੇ ਐਸ ਜੀ ਪੀ ਸੀ ਵੱਲੋ ਕੀਤੀ ਰਹਿਮ ਦੀ ਅਪੀਲ ਤੇ ਬੋਲਦਿਆ ਕਿਹਾ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀ ਉਸ ਨੂੰ ਮੁਆਫੀ ਕਿਵੇਂ ਦਿੱਤੀ ਜਾ ਸਕਦੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਉਹ ਰਹਿਮ ਦਾ ਹੱਕਦਾਰ ਹੈ। ਜੇ ਕੋਈ ਅੱਤਵਾਦੀ ਗੁਨਾਹ ਕਰੇ ਅਤੇ ਉਸ ਨੂੰ ਪਛਤਾਵਾ ਨਾ ਹੋਵੇ ਤਾਂ ਉਹ ਰਹਿਮ ਦਾ ਹੱਕਦਾਰ ਨਹੀ ਹੈ।ਕੋਈ ਤੀਜੀ ਸੰਸਥਾ ਆਪਣੀ ਸਜ਼ਾ ਮੁਆਫ ਕਰਨ ਲਈ ਰਹਿਮ ਦੀ ਅਪੀਲ ਦਾਇਰ ਕਰਦੀ ਹੈ ਅਤੇ ਦੋਸ਼ੀ ਨੂੰ ਪਛਤਾਵਾ ਨਹੀ ਹੈ, ਤਾਂ ਉਹ ਰਹਿਮ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ।
ਜਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ ਕਰਨ ਦਾ ਮੁੱਦਾ ਅਕਾਲੀ ਦਲ ਦੀ ਸੰਸਦ ਹਰਸਿਮਰਤ ਕੌਰ ਬਾਦਲ ਨੇ ਉਠਾਇਆ ਸੀ। ਜਿਸ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੱਤਾ ਹੈ।

ਦੂਸਰੇ ਪਾਸੇ ਗ੍ਰਹਿ ਮੰਤਰੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀਆਂ ਜੇਲ੍ਹਾਂ ’ਚ ਤਿੰਨ-ਤਿੰਨ ਦਹਾਕਿਆਂ ਤੋਂ ਕੈਦੀ ਸਿੱਖ ਬੰਦੀਆਂ ਦੇ ਮਾਨਵ ਅਧਿਕਾਰ ਕਿਸੇ ਸੰਵਿਧਾਨਿਕ ਅਹੁਦੇਦਾਰਾਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਸਿੱਖ ਪਹਿਲਾਂ ਹੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੇ ਹੀ ਦੇਸ਼ ਅੰਦਰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਹੁਣ ਗ੍ਰਹਿ ਮੰਤਰੀ ਦੇ ਸੰਸਦ ’ਚ ਦਿੱਤੇ ਤਾਜ਼ਾ ਬਿਆਨ ਨੇ ਸਿੱਖਾਂ ਦੇ ਮਨਾਂ ਨੂੰ ਇਕ ਵਾਰ ਫਿਰ ਗਹਿਰੀ ਸੱਟ ਮਾਰੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸਿੱਖਾਂ ਦੀਆਂ 90 ਫੀਸਦੀ ਕੁਰਬਾਨੀਆਂ ਸਰਕਾਰ ਨੂੰ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ, ਜਿਸ ਸੰਸਦ ਅੰਦਰ ਗ੍ਰਹਿ ਮੰਤਰੀ ਆਪਣਾ ਬਿਆਨ ਦੇ ਰਹੇ ਹਨ। ਉਹ ਸੰਸਦ ਵੀ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹੀ ਕਾਇਮ ਹੈ।ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸੰਵਿਧਾਨ ਦੇ ਦਾਇਰੇ ਅੰਦਰ ਹੈ। ਕੇਂਦਰ ਸਰਕਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ 2019 ’ਚ ਆਪਣੇ ਨੋਟੀਫਿਕੇਸ਼ਨ ਰਾਹੀਂ ਇਸ ਨੂੰ ਪ੍ਰਵਾਨ ਕਰ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ 2019 ਵਾਲਾ ਆਪਣਾ ਨੋਟੀਫਿਕੇਸ਼ਨ ਲਾਗੂ ਕਰੇ। ਐਡਵੋਕੇਟ ਧਾਮੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਪਣੇ ਆਪ ਹੀ ਇਸ ਨੋਟੀਫਿਕੇਸ਼ਨ ਦੀ ਭਾਵਨਾ ਦੇ ਬਿਲਕੁਲ ਉਲਟ ਅਤੇ ਹੈਰਾਨੀਜਨਕ
ਹੈ।