Breaking
Thu. Mar 27th, 2025

ਸੰਸਦ ਮੈਂਬਰ ਸੁਸ਼ੀਲ ਰਿੰਕੂ ਵੱਲੋਂ ਰੇਲ ਮੰਤਰੀ ਨਾਲ ਮੁਲਾਕਾਤ, ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ’ਚ ਸਟਾਪੇਜ ਦੇਣ ਦੀ ਕੀਤੀ ਮੰਗ

ਕਿਹਾ ਸੂਬੇ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ ਤੇ ਐਨ.ਆਰ.ਆਈ. ਹੱਬ ਲਈ ਟ੍ਰੇਨ ਦਾ ਸਟਾਪੇਜ ਜ਼ਰੂਰੀ

ਜਲੰਧਰ, 20 ਦਸੰਬਰ-ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ 30 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਨਵੀਂ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਜਲੰਧਰ ਵਿੱਚ ਸਟਾਪੇਜ ਦੇਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਜਲੰਧਰ ਸੂਬੇ ਦਾ ਪ੍ਰਮੁੱਖ ਉਦਯੋਗਿਕ ਸ਼ਹਿਰ ਹੋਣ ਦੇ ਨਾਲ-ਨਾਲ ਐਨ.ਆਰ.ਆਈ. ਹੱਬ ਵੀ ਹੈ ਅਤੇ ਇਥੇ ਇਸ ਰੇਲਗੱਡੀ ਦੇ ਰੁਕਣ ਨਾਲ ਉੱਦਮੀਆਂ, ਕਾਰੋਬਾਰੀਆਂ ਅਤੇ ਐਨ.ਆਰ.ਆਈਜ਼ ਨੂੰ ਬਹੁਤ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਜਲੰਧਰ ਅਤੇ ਨਵੀਂ ਦਿੱਲੀ ਵਿਚਕਾਰ ਇਸ ਹਾਈ ਸਪੀਡ ਟ੍ਰੇਨ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇਗਾ।

ਸ਼੍ਰੀ ਰਿੰਕੂ ਨੇ ਕਿਹਾ ਕਿ ਜੇਕਰ ਵੰਦੇ ਭਾਰਤ ਲੁਧਿਆਣਾ ਅਤੇ ਅੰਬਾਲਾ ਸਟੇਸ਼ਨਾਂ ‘ਤੇ ਸਟਾਪੇਜ ਹੈ ਤਾਂ ਜਲੰਧਰ ‘ਤੇ ਵੀ ਸਟਾਪੇਜ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਰੇਲਵੇ ਨੂੰ ਫਾਇਦਾ ਹੋਵੇਗਾ ਸਗੋਂ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਕਟੜਾ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਵੀ ਜਲੰਧਰ ਵਿੱਚ ਸਟਾਪੇਜ ਨਹੀਂ ਦਿੱਤਾ ਗਿਆ ਜਿਸ ਕਾਰਨ ਇੱਥੋਂ ਦੇ ਲੋਕ ਨਿਰਾਸ਼ ਹਨ। ਇਸ ਲਈ ਹੁਣ ਜਲੰਧਰ ਨੂੰ ਨਵੀਂ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਸੰਸਦ ਮੈਂਬਰ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਜਲੰਧਰ ਪੰਜਾਬ ਦਾ ਵੱਡਾ ਸਟੇਸ਼ਨ ਹੈ। ਇਸ ਸਟੇਸ਼ਨ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਂਦੇ ਹਨ। ਵੰਦੇ ਭਾਰਤ ਦੇ ਸਭ ਤੋਂ ਵੱਧ ਲਾਭ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਹੋਵੇਗਾ, ਜਿਨ੍ਹਾਂ ਲਈ ਸਮਾਂ ਬਹੁਤ ਕੀਮਤੀ ਹੈ। ਜੇਕਰ ਟ੍ਰੇਨ ਜਲੰਧਰ ‘ਚ ਰੁਕਦੀ ਹੈ ਤਾਂ ਰੇਲਵੇ ਦਾ ਮਾਲੀਆ ਵੀ ਵਧੇਗਾ। ਉਨ੍ਹਾਂ ਕਿਹਾ ਕਿ ਜਲੰਧਰ ‘ਚ ਵੰਦੇ ਭਾਰਤ ਦਾ ਸਟਾਪੇਜ ਨਾ ਹੋਣ ਕਾਰਨ ਲੋਕ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਉਨ੍ਹਾਂ ਦੀ ਮੰਗ ਜਲਦ ਪੂਰੀ ਹੋਵੇਗੀ।

ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦੀ ਦੂਰੀ 450 ਕਿਲੋਮੀਟਰ ਹੈ। ਵੰਦੇ ਭਾਰਤ ਐਕਸਪ੍ਰੈਸ ਇਹ ਦੂਰੀ ਸਿਰਫ਼ 5 ਘੰਟਿਆਂ ਵਿੱਚ ਤੈਅ ਕਰ ਲਵੇਗੀ। ਰੇਲਵੇ ਨੇ ਵੰਦੇ ਭਾਰਤ ਦਾ ਸਮਾਂ ਤੈਅ ਕਰ ਦਿੱਤਾ ਹੈ, ਜਿਸ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲੇਗੀ ਅਤੇ ਟਾਈਮ ਟੇਬਲ ਅਨੁਸਾਰ ਅੰਮ੍ਰਿਤਸਰ ਤੋਂ ਰਵਾਨਗੀ ਦਾ ਸਮਾਂ ਸਵੇਰੇ 7.55 ਵਜੇ ਹੋਵੇਗਾ ਅਤੇ ਦੁਪਹਿਰੇ 1.05 ਵਜੇ ਦਿੱਲੀ ਪਹੁੰਚੇਗੀ।

ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਸ ਪ੍ਰਗਟ ਕੀਤੀ ਕਿ ਰੇਲਵੇ ਉਨ੍ਹਾਂ ਦੀ ਮੰਗ ‘ਤੇ ਹਾਂ-ਪੱਖੀ ਰੁਖ ਅਖਤਿਆਰ ਕਰੇਗਾ ਅਤੇ ਜਲੰਧਰ ਨੂੰ ਇਸ ਟ੍ਰੇਨ ਦੇ ਸਟਾਪੇਜ ‘ਚ ਸ਼ਾਮਲ ਕੀਤਾ ਜਾਵੇਗਾ।

By admin

Related Post

Leave a Reply

Your email address will not be published. Required fields are marked *