ਕਿਹਾ ਸਿਖਲਾਈ ਉਪਰੰਤ 3 ਲੱਖ ਰੁਪਏ ਦਾ ਤੱਕ ਦਾ ਲਿਆ ਜਾ ਸਕਦੈ ਕਰਜ਼ਾ
ਜਲੰਧਰ, 15 ਦਸੰਬਰ 2023-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਸਬੀਰ ਸਿੰਘ ਨੇ ਅੱਜ ਜ਼ਿਲ੍ਹੇ ਦੇ ਛੋਟੇ ਹਸਤਕਾਰਾਂ ਤੇ ਕਾਰੀਗਰਾਂ ਨੂੰ ਪੀ.ਐਮ. ਵਿਸ਼ਵਕਰਮਾ ਯੋਜਨਾ ਅਧੀਨ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਲਈ ਸਿਖ਼ਲਾਈ ਉਪਰੰਤ 3 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਬੈਂਕ ਗਾਰੰਟੀ ਦੇ ਨਿਯਮਾਂ ਅਨੁਸਾਰ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਜ਼ਿਲ੍ਹੇ ਵਿੱਚ ਖਿਡੌਣੇ ਬਣਾਉਣ ਵਾਲੇ, ਮੱਛੀਆਂ ਦਾ ਜਾਲ ਬਣਾਉਣ ਵਾਲੇ, ਹਥੌੜੇ/ਟੂਲ ਕਿੱਟ ਅਤੇ ਹੋਰ ਛੋਟਾ ਸਮਾਨ ਬਣਾਉਣ ਵਾਲੇ, ਤਾਲੇ ਬਣਾਉਣ ਵਾਲੇ, ਮਾਲਾ ਬਣਾਉਣ ਵਾਲੇ, ਪੱਥਰ, ਲੱਕੜੀ, ਮਿੱਟੀ ਤੋਂ ਮੂਰਤੀ ਬਣਾਉਣ ਵਾਲੇ (ਮੂਰਤੀਕਾਰ), ਹਥਿਆਰ ਬਣਾਉਣ ਵਾਲੇ (ਆਰਮਰ), ਟੋਕਰੀ, ਟੋਕਰੇ ਮੈਟ, ਝਾੜੂ ਬਣਾਉਣ ਵਾਲੇ, ਲੱਕੜ ਅਧਾਰਿਤ ਤਰਖਾਣ, ਲੋਹਾਰ, ਸੋਨਾ, ਚਾਂਦੀ ਅਧਾਰਿਤ (ਸੁਨਿਆਰ), ਕਿਸ਼ਤੀ ਬਣਾਉਣ ਵਾਲੇ, ਗਮਲੇ, ਦੀਵੇ, ਘੜੇ ਆਦਿ ਬਣਾਉਣ ਵਾਲੇ (ਘੁਮਿਆਰ), ਬੂਟ ਬਣਾਉਣ ਵਾਲੇ, ਨਿਰਮਾਣ ਅਧਾਰਿਤ ਮੇਸਨ (ਰਾਜ ਮਿਸਤਰੀ), ਨਾਈ/ਬਿਊਟੀ ਪਾਰਲਰ, ਧੋਬੀ, ਦਰਜ਼ੀ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕਾਰੀਗਰ, ਜਿਸ ਦੀ ਉਮਰ 18 ਸਾਲ ਹੋਵੇ, ਉਹ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਕਿੱਤੇ ਨਾਲ ਸਬੰਧਿਤ ਹੁਨਰ ਵਿਕਾਸ ਦੀ ਸਿਖਲਾਈ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਹੁਨਰ ਸਿਖਲਾਈ ਮਗਰੋਂ ਸਰਕਾਰ ਵੱਲੋਂ ਇਕ ਆਈ.ਡੀ. ਕਾਰਡ ਅਤੇ ਸਰਟੀਫਿਕੇਟ ਦੇ ਨਾਲ-ਨਾਲ 15 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਕਿੱਤੇ ਨਾਲ ਸਬੰਧਤ ਟੂਲ ਕਿੱਟ ਖ਼ਰੀਦਣ ਲਈ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਯੋਗ ਵਿਅਕਤੀ ਆਪਣੇ ਕਿੱਤੇ ਨਾਲ ਸਬੰਧਤ ਸਿਖਲਾਈ ਲੈ ਕੇ ਆਪਣੇ ਹੁਨਰ ਦੀ ਗੁਣਵੱਤਾ ਅਤੇ ਆਜੀਵਕਾ ਵਿੱਚ ਵਾਧਾ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਇਸ ਸਕੀਮ ਤਹਿਤ ਅਪਲਾਈ ਕਰਨ ਲਈ ਬਿਨੈਕਾਰ ਪਾਸ ਆਧਾਰ ਕਾਰਡ (ਮੋਬਾਇਲ ਨੰਬਰ ਨਾਲ ਲਿੰਕ ਹੋਵੇ), ਪੈਨ ਕਾਰਡ ਅਤੇ ਬੈਂਕ ਦੀ ਕਾਪੀ ਹੋਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਹੁਨਰਾਂ ਨਾਲ ਸਬੰਧਿਤ ਕੋਈ ਵੀ ਕਾਰੀਗਰ ਹੁਨਰ ਵਿਕਾਸ ਦੀ ਸਿਖਲਾਈ ਵਾਸਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਜਲੰਧਰ ਜਾਂ ਜ਼ਿਲ੍ਹਾ ਉਦਯੋਗ, ਬੀ-6 ਫੋਕਲ ਪੁਆਇੰਟ ਜਲੰਧਰ ਵਿਖੇ ਪਹੁੰਚ ਕਰ ਸਕਦਾ ਹੈ ਅਤੇ ਕਿਸੇ ਵੀ ਨੇੜਲੇ ਕਾਮਨ ਸਰਵਿਸ ਸੈਂਟਰ ਤੋਂ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।