ਘਰੋਂ ਸਾਈਕਲ ਤੇ ਪੜਨ ਗਈ ਰਾਗਿਨੀ ਲਾਪਤਾ ਹੋ ਗਈ ਸੀ
ਜਲੰਧਰ, 13 ਦਸੰਬਰ 2023- ਜਲੰਧਰ ਦੇ ਮੁਹੱਲਾ ਅਰਜੁਨ ਨਗਰ ਨੇੜੇ 18 ਸਾਲਾ ਕੁੜੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕਾ ਦੀ ਪਛਾਣ ਰਾਗਿਨੀ ਪੁੱਤਰੀ ਕਿਸ਼ੋਰੀ ਲਾਲ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਆਦਰਸ਼ ਨਗਰ ਦੇ ਸਰਕਾਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ 24 ਘੰਟਿਆਂ ਤੋਂ ਲਾਪਤਾ ਦੱਸੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਰਾਗਿਨੀ ਮੰਗਲਵਾਰ ਨੂੰ ਰੋਜ਼ਾਨਾ ਵਾਂਗ ਸਾਈਕਲ ‘ਤੇ ਸਕੂਲ ਗਈ ਸੀ ਅਤੇ ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਨੇ ਕੁੜੀ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦੀ ਲਾਸ਼ ਅਰਜੁਨ ਨਗਰ ‘ਚ ਉਸ ਦੇ ਘਰ ਕੋਲੋਂ ਹੀ ਬਰਾਮਦ ਕੀਤੀ ਗਈ ਹੈ। ਉਸ ਦੀ ਲਾਸ਼ ਪੂਰੀ ਤਰ੍ਹਾਂ ਸੜੀ-ਗਲੀ ਹੋਈ ਸੀ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।