ਨੂਰਪੁਰ ਕਲੋਨੀ, ਸ਼ੇਖੇ ਅਤੇ ਮੁਬਾਰਕਪੁਰ ਦੀ ਸੀਵਰੇਜ ਸਮੱਸਿਆ ਦਾ ਹੋਵੇਗਾ ਹੱਲ
ਜਲੰਧਰ, 12 ਦਸੰਬਰ 2023-ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਨੂਰਪੁਰ ਕਲੋਨੀ, ਸ਼ੇਖੇ ਅਤੇ ਮੁਬਾਰਕਪੁਰ ਇਲਾਕਿਆਂ ਵਿੱਚ 142.12 ਲੱਖ ਰੁਪਏ ਦੀ ਲਾਗਤ ਵਾਲੇ ਦੋ ਸੀਵਰੇਜ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ।
ਕੈਬਨਿਟ ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੂਰਪੁਰ ਕਲੋਨੀ ਵਿੱਚ 200 ਐਮਐਮ ਦੀਆਂ 1500 ਮੀਟਰ ਅਤੇ 250 ਐਮ.ਐਮ. ਦੀਆਂ 171 ਮੀਟਰ ਨਵੀਆਂ ਸੀਵਰੇਜ ਲਾਈਨਾਂ ਵਿਛਾਈਆਂ ਜਾਣਗੀਆਂ ਅਤੇ ਘਰਾਂ ਦੇ ਕੁਨੈਕਸ਼ਨ ਵੀ ਲਾਈਨਾਂ ਨਾਲ ਜੋੜੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲਾਕੇ ਦੇ 5000 ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਕੁੱਲ 102.96 ਲੱਖ ਰੁਪਏ ਦੀ ਲਾਗਤ ਆਵੇਗੀ ਹੈ।
ਮੰਤਰੀ ਨੇ ਕਿਹਾ ਕਿ ਸ਼ੇਖੇ ਅਤੇ ਮੁਬਾਰਕਪੁਰ ਖੇਤਰਾਂ ਵਿੱਚ 200 ਐਮਐਮ ਦੀ 880 ਮੀਟਰ ਦੀ ਨਵੀਂ ਸੀਵਰੇਜ ਲਾਈਨ ਵਿਛਾਈ ਜਾਵੇਗੀ, ਜਿਸ ਦੇ ਲਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ 39.16 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਸਦਕਾ ਸੀਵਰੇਜ ਦੀ ਸਮੱਸਿਆ ਹੱਲ ਹੋਵੇਗੀ ਅਤੇ 4000 ਲੋਕਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ 24 ਘੰਟੇ ਕੰਮ ਕਰ ਰਹੀ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਇਤਿਹਾਸਕ ਫੈਸਲੇ ਲਏ ਹਨ, ਜਿਨ੍ਹਾਂ ਵਿੱਚ 600 ਯੂਨਿਟ ਬਿਜਲੀ ਮੁਆਫੀ, ਇੱਕ ਵਿਧਾਇਕ-ਇੱਕ ਪੈਨਸ਼ਨ, 664 ਆਮ ਆਦਮੀ ਕਲੀਨਿਕ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ‘ਸਰਕਾਰ, ਤੁਹਾਡੇ ਦੁਆਰ’ ਜਾਂ ਲੋਕਾਂ ਦੀਆਂ ਬਰੂਹਾਂ ’ਤੇ 43 ਸਰਕਾਰੀ ਸੇਵਾਵਾਂ (ਹੈਲਪਲਾਈਨ 1076) ਅਤੇ 40000 ਸਰਕਾਰੀ ਨੌਕਰੀਆਂ ਦੇਣਾ ਸ਼ਾਮਲ ਹੈ।