ਮੁੱਖ ਮੰਤਰੀ ਤੀਰਥ ਯਾਤਰਾ ਸਕੀਮ
ਸ਼ਰਧਾਲੂਆਂ ਵਲੋਂ ਸੂਬਾ ਸਰਕਾਰ ਦੀ ਇਸ ਸਕੀਮ ਦੀ ਭਰਪੂਰ ਸ਼ਲਾਘਾ
ਨਕੋਦਰ (ਜਲੰਧਰ) 10 ਦਸੰਬਰ 2023-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਉਣ ਹਿੱਤ ਵਿਸ਼ੇਸ਼ ਪਹਿਲ ਕਰਦਿਆਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਧਾਨ ਸਭਾ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਅੱਜ ਪਵਿੱਤਰ ਧਾਰਮਿਕ ਸਥਾਨ ਮਾਤਾ ਨੈਣਾ ਦੇਵੀ ਜੀ ਅਤੇ ਸ੍ਰੀ ਆਨੰਦਪੁਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕੀਤਾ ਗਿਆ।

ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸ਼ਰਧਾਲੂਆਂ ਨਾਲ ਰੂਬਰੂ ਹੁੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਉਨਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਖਾਣੇ, ਰਿਹਾਇਸ਼ ਸਬੰਧੀ ਆਉਣ ਵਾਲਾ ਸਾਰਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਜੀ, ਵਰਿੰਦਾਵਨ ਧਾਮ, ਮਾਤਾ ਵੈਸ਼ਨੂੰ ਦੇਵੀ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਵਾਰਾਣਸੀ, ਸ੍ਰੀ ਖਾਟੂ ਸ਼ਿਆਮ ਜੀ, ਸ੍ਰੀ ਸਲਾਸਰ ਧਾਮ ਅਤੇ ਖ਼ਵਾਜਾ ਅਜਮੇਰ ਸ਼ਰੀਫ ਦਰਗਾਹ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਤੇ 40 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।
ਇਸ ਮੌਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਅਰਾਮਦਾਇਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਸਿਆ ਕਿ ਇਸ ਬੱਸ ਰਾਹੀਂ ਸ਼ਰਧਾਲੂਆਂ ਨੂੰ ਮਾਤਾ ਨੈਣਾ ਦੇਵੀ ਜੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।
ਇਸ ਮੌਕੇ ਮਾਤਾ ਨੈਣਾ ਦੇਵੀ ਅਤੇ ਸ੍ਰੀ ਆਨੰਦਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖ-ਵੱਖ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਯਾਤਰਾ ਸਦਕਾ ਉਹ ਧਾਰਮਿਕ ਸਥਾਨਾਂ ਦੇ ਬਿਨ੍ਹਾਂ ਕਿਸੇ ਖ਼ਰਚੇ ਦੇ ਦਰਸ਼ਨ ਕਰ ਸਕਣਗੇ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।