Breaking
Fri. Mar 28th, 2025

ਲੋਕਾਂ ਨੂੰ 10 ਦਸੰਬਰ ਤੋਂ ਘਰੇ ਬੈਠਿਆਂ ਮਿਲਣਗੀਆਂ 43 ਨਾਗਰਿਕ ਸੇਵਾਵਾਂ- CM ਮਾਨ 

ਸ੍ਰੀ ਫਤਹਿਗੜ੍ਹ ਸਾਹਿਬ, 8 ਦਸੰਬਰ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਆਖਿਆ ਕਿ ਲੋਕਾਂ ਨੂੰ ਘਰੇ ਬੈਠਿਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਲਈ ਸੂਬਾ ਸਰਕਾਰ 10 ਦਸੰਬਰ ਨੂੰ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰੇਗੀ।

 ਸ੍ਰੀ ਫਤਹਿਗੜ੍ਹ ਸਾਹਿਬ ਅਤੇ ਬੱਸੀ ਪਠਾਣਾਂ ਦੇ ਸਾਂਝ ਕੇਂਦਰਾਂ ਦੇ ਅਚਨਚੇਤ ਦੌਰੇ ਉਤੇ ਪੁੱਜੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੂੰ ਸੁਚਾਰੂ ਤਰੀਕੇ ਤੇ ਆਸਾਨੀ ਨਾਲ ਇਹ ਸੇਵਾਵਾਂ ਮੁਹੱਈਆ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਤੱਕ ਸੇਵਾਵਾਂ ਦੇਣ ਦੀ ਸ਼ੁਰੂਆਤ ਵਾਲੀ  ਇਹ ਪਹਿਲਕਦਮੀ ਲੋਕਾਂ ਦੀ ਸਰਕਾਰੀ ਸੇਵਾਵਾਂ ਤੱਕ ਸਿੱਧੀ ਤੇ ਆਸਾਨ ਪਹੁੰਚ ਮੁਹੱਈਆ ਕਰਵਾਏਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਜਨਮ ਤੇ ਮੌਤ, ਆਮਦਨ, ਰਿਹਾਇਸ਼, ਜਾਤ ਤੇ ਪੈਨਸ਼ਨ ਦਾ ਸਰਟੀਫਿਕੇਟ, ਬਿਜਲੀ ਬਿੱਲਾਂ ਦੀ ਅਦਾਇਗੀ ਅਤੇ ਹੋਰ ਸੇਵਾਵਾਂ ਸੂਬੇ ਭਰ ਵਿੱਚ ਘਰ-ਘਰ ਤੱਕ ਮੁਹੱਈਆ ਹੋਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ 1076 ਨੰਬਰ ਹੈਲਪਲਾਈਨ ਉਤੇ ਕਾਲ ਕਰ ਕੇ ਆਪਣੀ ਸਹੂਲਤ ਮੁਤਾਬਕ ਸਮਾਂ ਦੇ ਕੇ ਇਹ ਸੇਵਾਵਾਂ ਲਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਸਬੰਧਤ ਸੇਵਾ ਲੈਣ ਲਈ ਲੋੜੀਂਦੇ ਦਸਤਾਵੇਜ਼, ਫੀਸ ਅਤੇ ਹੋਰ ਸ਼ਰਤਾਂ ਬਾਰੇ ਦੱਸ ਦਿੱਤਾ ਜਾਵੇਗਾ, ਜਿਸ ਲਈ ਬਿਨੈਕਾਰ ਨੂੰ ਐਸ.ਐਮ.ਐਸ. ਪ੍ਰਾਪਤ ਹੋਵੇਗਾ, ਜਿਸ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਤੇ ਮਿਤੀ ਤੇ ਸਮੇਂ ਬਾਰੇ ਪਤਾ ਚੱਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿੱਥੇ ਸਮੇਂ ਮੁਤਾਬਕ ਵਿਸ਼ੇਸ਼ ਸਿਖਲਾਈ ਪ੍ਰਾਪਤ ਮੁਲਾਜ਼ਮ ਟੈਬਲੈੱਟ ਲੈ ਕੇ ਸਬੰਧਤ ਬਿਨੈਕਾਰ ਦੇ ਘਰ ਜਾਂ ਦਫ਼ਤਰ ਜਾਣਗੇ ਅਤੇ ਸਾਰੀ ਲੋੜੀਂਦੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਨਗੇ ਤੇ ਫੀਸ ਜਮ੍ਹਾਂ ਕਰਨਗੇ। ਇਸ ਤੋਂ ਇਲਾਵਾ ਬਿਨੈਕਾਰ ਨੂੰ ਪਹੁੰਚ ਰਸੀਦ ਦਿੱਤੀ ਜਾਵੇਗੀ, ਜਿਸ ਰਾਹੀਂ ਉਹ ਆਪਣੀ ਅਰਜ਼ੀ ਉਤੇ ਚੱਲ ਰਹੀ ਪ੍ਰਕਿਰਿਆ ਬਾਰੇ ਜਾਣ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਨਾਲ ਨਾ ਸਿਰਫ਼ ਲੋਕਾਂ ਲਈ ਸਹੂਲਤ ਵਧੇਗੀ, ਸਗੋਂ ਇਸ ਨਾਲ ਪੈਸੇ ਲੈ ਕੇ ਕੰਮ ਕਰਵਾਉਣ ਵਾਲੇ ਵਿਚੋਲਿਆਂ ਦੀ ਭੂਮਿਕਾ ਖ਼ਤਮ ਹੋਵੇਗੀ ਅਤੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਤੇ ਕਾਰਜਕੁਸ਼ਲਤਾ ਆਵੇਗੀ। ਉਨ੍ਹਾਂ ਕਿਹਾ ਕਿ ਘਰੇ ਬੈਠਿਆਂ ਇਹ ਸਹੂਲਤ ਸੇਵਾ ਕੇਂਦਰਾਂ ਜਾਂ ਸਮਰਪਿਤ 1076 ਹੈਲਪਲਾਈਨ ਨੰਬਰ ਰਾਹੀਂ 10 ਦਸੰਬਰ 2023 ਤੋਂ ਬਾਅਦ ਲਈ ਜਾ ਸਕੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲੀਅਤ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਦੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਆਸਾਨੀ ਨਾਲ ਨੇਪਰੇ ਚੜ੍ਹ ਸਕਣ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ਼ਹੀਦ ਜੋੜ ਮੇਲ ਦੌਰਾਨ ਅਕੀਦਤ ਭੇਟ ਕਰਨ ਲਈ ਫਤਹਿਗੜ੍ਹ ਸਾਹਿਬ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਧਰਤੀ ਨਾ ਸਿਰਫ਼ ਸਿੱਖਾਂ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਸਾਡੇ ਵਿੱਚੋਂ ਹਰ ਕੋਈ ਹਰੇਕ ਸਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਦੀ ਸ਼ਹਾਦਤ ਅੱਗੇ ਸਿਰ ਝੁਕਾਉਣ ਲਈ ਇੱਥੇ ਪੁੱਜਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦੀ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

By admin

Related Post

Leave a Reply

Your email address will not be published. Required fields are marked *