ਭਾਰਤ ਰਤਨ ਬਾਬਾ ਸਾਹਿਬ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਯਾਦਗਾਰ ਹਾਲ ਦਾ ਕੀਤਾ ਉਦਘਾਟਨ
ਜਲੰਧਰ, 7 ਦਸੰਬਰ 2023-ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਦਿਖਾਏ ਮਾਰਗ ਉਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸਰਧਾਂਜ਼ਲੀ ਹੋਵੇਗੀ ਇਸ ਲਈ ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਨੂੰ ਦਿਲ ਤੋਂ ਅਪਣਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵਲੋਂ ਅੱਜ ਅੰਬੇਡਕਰ ਭਵਨ ਟਰੱਸਟ(ਰਜਿ.) ਅਤੇ ਅਖਿਲ ਭਾਰਤੀ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਸਹਿਯੋਗ ਨਾਲ ਸਥਾਨਕ ਅੰਬੇਡਕਰ ਭਵਨ ਵਿਖੇ ਭਾਰਤ ਰਤਨ ਬਾਬਾ ਸਾਹਿਬ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਨਵੇਂ ਬਣਾਏ ਗਏ ਰਮਾਬਾਈ ਅੰਬੇਡਕਰ ਯਾਦਗਾਰ ਹਾਲ ਦਾ ਉਦਘਾਟਨ ਵੀ ਕੀਤਾ।

ਸ੍ਰੀ ਰਿੰਕੂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਨੂੰ ਤਰੱਕੀ ਦੀ ਰਾਹ ਦਿਖਾਈ ਹੈ ਜਿਸ ਉਤੇ ਚਲਕੇ ਅੱਜ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਬਣਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਨੇ ਬੱਚਿਆਂ ਨੂੰ ਹੱਥਾਂ ਵਿੱਚ ਕਲਮ ਉਠਾਉਣ ਦਾ ਸੱਦਾ ਦਿੱਤਾ ਸੀ ਅਤੇ ਪੜ੍ਹਾਈ-ਲਿਖਾਈ ਨਾਲ ਆਪਣੀ ਕਿਸਮਤ ਬਦਲਣ ਦਾ ਰਾਹ ਦਿਖਾਇਆ ਸੀ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਉਨਾਂ ਵਲੋਂ ਦਿਖਾਏ ਮਾਰਗ ’ਤੇ ਚੱਲੀਏ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ।
ਇਸ ਮੌਕੇ ’ਤੇ ਡਾ. ਸੁਰਿੰਦਰ ਅਜਾਨਤ ਐਮ.ਏ. ਪੀ.ਐਚ.ਡੀ. ਵਲੋਂ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਿਤ ਅਹਿਮ ਪਹਿਲੂਆਂ ’ਤੇ ਚਾਨਣਾ ਪਾਇਆ ਗਿਆ। ਫੈਡਰੇਸ਼ਨ ਆਫ਼ ਅੰਬੇਡਕਰ ਐਂਡ ਬੁਧਿਸਟ ਆਰਗੇਨਾਈਜੇਸ਼ਨ(ਏਐਫਬੀਓ) ਯੂਕੇ ਦੇ ਪ੍ਰਧਾਨ ਰਾਮਪਾਲ ਰਾਹੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।