11 ਅਤੇ 12 ਦਸੰਬਰ ਨੂੰ ਭਰੇ ਜਾਣਗੇ ਨਾਮਜ਼ਦਗੀ ਪੱਤਰ, ਕਾਗਜ਼ਾਂ ਦੀ ਪੜਤਾਲ 13 ਨੂੰ
22 ਦਸੰਬਰ ਤੱਕ ਵਾਪਸ ਲਈਆਂ ਜਾ ਸਕਣਗੀਆਂ ਨਾਮਜ਼ਦਗੀਆਂ
ਜਲੰਧਰ, 5 ਦਸੰਬਰ 2023-ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ, ਜੋ ਕਿ 5 ਜਨਵਰੀ 2024 ਨੂੰ ਹੋਣੀ ਹੈ, ਦੇ ਮੱਦੇਨਜ਼ਰ ਮੰਗਲਵਾਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਐਨ.ਆਰ.ਆਈ. ਸਭਾ ਦੀ ਵੈੱਬਸਾਈਟ www.nrisabhapunjab.in ’ਤੇ ਕਰ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਨ.ਆਰ.ਆਈ. ਸਭਾ ਦੇ ਕਾਰਜਕਾਰੀ ਡਾਇਰੈਕਟਰ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੇ ਮੈਂਬਰਾਂ ਦੀ ਡ੍ਰਾਫਟ ਵੋਟਰ ਸੂਚੀ 3 ਨਵੰਬਰ 2023 ਨੂੰ ਸਭਾ ਦੀ ਵੈਬਸਾਈਟ ’ਤੇ ਅਪਲੋਡ ਕੀਤੀ ਗਈ ਸੀ। ਵੋਟਰ ਸੂਚੀ ’ਤੇ 10 ਨਵੰਬਰ 2023 ਤੱਕ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਦਾ 17 ਨਵੰਬਰ 2023 ਤੱਕ ਨਿਪਟਾਰਾ ਕਰਨ ਉਪਰੰਤ ਅੱਜ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਗਈ ਹੈ।
ਸ੍ਰੀ ਬਾਜਵਾ ਨੇ ਅੱਗੇ ਦੱਸਿਆ ਕਿ 11 ਅਤੇ 12 ਦਸੰਬਰ 2023 ਨੂੰ ਨਾਮਜ਼ਦਗੀ ਪੱਤਰ ਏ.ਡੀ.ਸੀ. (ਜ) ਜਲੰਧਰ ਦੀ ਕੋਰਟ ਵਿਖੇ ਪ੍ਰਾਪਤ ਕੀਤੇ ਜਾਣਗੇ ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 13 ਦਸੰਬਰ 2023 ਨੂੰ ਹੋਵੇਗੀ। 14 ਤੇ 15 ਦਸੰਬਰ ਨੂੰ ਚੋਣਾਂ ਵਿੱਚ ਸਰਬਸੰਮਤੀ ਦੀ ਸੰਭਾਵਨਾ ਦੀ ਪੜਚੋਲ ਦੀ ਕੋਸ਼ਿਸ਼ ਉਪਰੰਤ 22 ਦਸੰਬਰ 2023 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਉਨ੍ਹਾਂ ਐਨ.ਆਰ. ਆਈ. ਸਭਾ ਦੇ ਸਾਰੇ ਮੈਂਬਰਾਂ ਨੂੰ ਪੰਜ ਸਾਲ ਤੋਂ ਪੁਰਾਣੇ ਫੋਟੋ ਪਛਾਣ ਪੱਤਰ ਰੀਨਿਊ ਕਰਵਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਫੋਟੋ ਸ਼ਨਾਖਤੀ ਕਾਰਡ ਨਵਿਆਉਣ ਦੀ ਆਖਰੀ ਮਿਤੀ 15 ਦਸੰਬਰ 2023 ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਨ.ਆਰ.ਆਈਜ਼, ਜੋ 27 ਅਕਤੂਬਰ 2023 ਤੋਂ ਪਹਿਲਾਂ ਸਭਾ ਦੇ ਮੈਂਬਰ ਬਣੇ ਹਨ, ਨੂੰ ਹੀ ਵੋਟ ਪਾਉਣ ਦੀ ਆਗਿਆ ਹੋਵੇਗੀ। ਨਾਮਜ਼ਦ ਵਿਅਕਤੀ ਐਨ.ਆਰ.ਆਈ. ਮੈਂਬਰਾਂ ਵੱਲੋਂ ਵੋਟ ਨਹੀਂ ਕਰ ਸਕਦੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਪਾਉਣ ਲਾਈ ਆਉਣ ਵਾਲੇ ਐਨ.ਆਰ.ਆਈ. ਮੈਂਬਰ ਪਾਸਪੋਰਟ ਦੇ ਨਾਲ ਐਨ.ਆਰ.ਆਈ. ਸਭਾ ਪੰਜਾਬ/ਐਨ.ਆਰ.ਆਈ. ਸਭਾ ਜ਼ਿਲ੍ਹਾ ਇਕਾਈ ਵੱਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਨਾਲ ਲੈ ਕੇ ਆਉਣ। ਇਸ ਸਬੰਧੀ ਵਧੇਰੇ ਜਾਣਕਾਰੀ www.nrisabhapunjab.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।