ਇਲਾਜ ਉਪਰੰਤ ਹਸਪਤਾਲ ਤੋਂ ਮਿਲੀ ਛੁੱਟੀ
ਸਿਹਤ ਟੀਮਾਂ ਵਲੋਂ ਪਾਣੀ ਦੇ ਚਾਰ ਸੈਂਪਲ ਲਏ ਗਏ
ਨਕੋਦਰ/ਜਲੰਧਰ, 5 ਦਸੰਬਰ 2023-ਜ਼ਿਲ੍ਹਾ ਪ੍ਰਸ਼ਾਸਨ ਵਲੋ ਸੋਮਵਾਰ ਦੁਪਹਿਰ ਨੂੰ ਨਕੋਦਰ ਦੇ ਸੇਂਟ ਜੂਡ ਕਾਨਵੈਂਟ ਸਕੂਲ ਦੇ ਪਾਣੀ ਤੋਂ ਬਾਅਦ 12 ਵਿਦਿਆਰਥੀਆਂ ਦੇ ਬਿਮਾਰ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮੰਗਲਵਾਰ ਦੀ ਸਵੇਰ ਨੂੰ ਉਪ ਮੰਡਲ ਮੈਜਿਸਟਰੇਟ ਮੇਜਰ ਡਾ.ਇਰਵਿਨ ਕੌਰ ਵਲੋਂ ਸਕੂਲ ਵਿਖੇ ਸਿਹਤ ਟੀਮਾਂ ਭੇਜੀਆਂ ਗਈਆਂ। ਟੀਮਾਂ ਵਲੋਂ ਪਾਣੀ ਦੇ ਸਾਰੇ ਸਰੋਤਾਂ ਜਿਸ ਵਿੱਚ ਟੂਟੀਆਂ, ਪਾਣੀ ਦੀਆਂ ਟੈਂਕੀਆਂ ਅਤੇ ਕੂਲਰਾਂ ਦੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਚਾਰ ਸੈਂਪਲ ਲਏ ਗਏ।
ਮੇਜਰ ਡਾ. ਇਰਵਿਨ ਕੌਰ ਨੇ ਦੱਸਿਆ ਕਿ ਸਿਹਤ ਟੀਮਾਂ ਵਲੋਂ ਕੁਝ ਬਿਮਾਰ ਵਿਦਿਆਰਥੀਆਂ ਦੇ ਖੂਨ ਦੇ ਸੈਂਪਲ ਵੀ ਲਏ ਗਏ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਲਾਸਾਂ ਦੇ 12 ਵਿਦਿਆਰਥੀਆਂ ਵਲੋਂ ਸੋਮਵਾਰ ਦੁਪਹਿਰ ਨੂੰ ਸਕੂਲ ਦੇ ਪਾਣੀ ਵਾਲੇ ਕੂਲਰ ਤੋਂ ਪਾਣੀ ਪੀਣ ਤੋਂ ਬਾਅਦ ਪੇਟ ਵਿੱਚ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵਲੋਂ ਉਨਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਇਲਾਜ ਉਪਰੰਤ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪਾਣੀ ਅਤੇ ਖੂਨ ਦੇ ਸੈਂਪਲ ਖਰੜ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਰਿਪੋਰਟ ਆ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।