ਕੁਝ ਸਿਰਫਿਰੇ ਲੋਕ ਜਾਣ ਬੁੱਝ ਕੇ ਇਕ ਸਾਜਿਸ਼ ਦੇ ਅਧੀਨ ਸਿੱਖਾਂ ਨੂੰ ਚਿੜਾਉਣ ਲਈ ਘਟੀਆ ਹਰਕਤਾਂ ਕਰਦੇ ਹਨ ਜੋ ਬਰਦਾਸ਼ਤ ਕਰਨ ਯੋਗ ਨਹੀਂ। ਅਸੀਂ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਣ। ਇਹ ਗੱਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਹੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਉ ਜਿਸ ਵਿਚ ਲੇਡੀ ਅੰਡਰਗਾਰਮੈਂਟਸ ਤੇ ਸਿੱਖ ਕੌਮ ਦੇ ਪਾਵਨ ਖੰਡੇ ਦਾ ਪ੍ਰਿੰਟ ਕਰ ਕੇ ਉਸ ਦੀ ਵਿਕਰੀ ਕੀਤੀ ਦਰਸਾਈ ਗਈ ਹੈ, ਦਾ ਸਖਤ ਨੋਟਿਸ ਲੈਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਨਾ ਬ੍ਰਦਾਸ਼ਿਤ ਕਰਨ ਯੋਗ ਅੱਤ ਘਟੀਆ ਅਤੇ ਕੌਝਾ ਮਜ਼ਾਕ ਹੈ, ਜਿਸ ਲਈ ਇਸ ਨੂੰ ਬਨਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਿੱਖ ਕੌਮ ਦੇ ਪਾਵਨ ਤੇ ਪਵਿੱਤਰ ਖੰਡੇ ਨੂੰ ਲੇਡੀ ਅੰਡਰਗਾਰਮੈਂਟਸ ਤੇ ਛਪਾਇਆ ਜਾਵੇ। ਉਨ੍ਹਾਂ ਕਿਹਾ ਇਸ ਚੋਂ ਘਟੀਆ ਸਾਜਿਸ਼ ਦੀ ਬਦਬੂ ਆਉਂਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਪਿਛੇ ਲੁਕੀ ਸਾਜਿਸ਼ ਨੂੰ ਬੇਕਨਾਬ ਕਰੇ।